ਮਾਂ ਬੋਲੀ ਪੰਜਾਬੀ ਮੇਰੀ,
ਮੈਂ ਪੰਜਾਬੀ ਦਾ ਜਾਇਆ।
ਇਸ ਬਾਝੋਂ ਔਕਾਤ ਨਾ ਮੇਰੀ,
ਜੋ ਇਸ ਦਿੱਤਾ ਸੋ ਹੀ ਪਾਇਆ।
ਭਾਰਤੀਯ ਵਿੱਦਿਆ ਮੰਦਰ ਸਕੂਲ ਊਧਮ ਸਿੰਘ ਨਗਰ ਵਿਖੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਗਿਆ।
ਭਾਰਤੀਯ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਊਧਮ ਸਿੰਘ ਨਗਰ ਲੁਧਿਆਣਾ ਵਿਖੇ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਬੜੇ ਹੀ ਚਾਅ ਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਤੇ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲਿਆ। ਜਿਨ੍ਹਾਂ ਵਿੱਚ ਛੇਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਪੰਜਾਬੀ ਮਾਂ ਬੋਲੀ ਤੇ ਸੁੰਦਰ ਸੁਲੇਖ ਲਿਖੇ ਗਏ ਤੇ ਕਵਿਤਾਵਾਂ ਬੋਲੀਆਂ ਗਈਆਂ। ਸੱਤਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਬੁੱਝੋ ਤੇ ਜਾਣੋ ਸਬੰਧੀ ਗਤੀਵਿਧੀ ਵਿੱਚ ਭਾਗ ਲਿਆ ਗਿਆ, ਜਿਸ ਵਿੱਚ ਉਹਨਾਂ ਨੇ ਮੁਹਾਵਰਿਆਂ ਬਾਰੇ ਜਾਣਕਾਰੀ ਹਾਸਿਲ ਕੀਤੀ। ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਪੰਜਾਬੀ ਮਾਤ ਭਾਸ਼ਾ ਸੰਬੰਧੀ ਚਾਰਟ ਬਣਾਏ ਗਏ। ਇਸ ਮੌਕੇ ਤੇ ਪੰਜਾਬੀ ਅਧਿਆਪਕਾ ਸ੍ਰੀਮਤੀ ਲਲਿਤਾ ਕੁਮਾਰੀ ਜੀ ਨੇ ਪੰਜਾਬੀ ਮਾਂ ਬੋਲੀ ਦਿਵਸ ਦੀ ਮਹੱਤਤਾ ਤੇ ਬੋਲਦਿਆਂ ਹੋਇਆਂ ਅੱਜ ਦੇ ਸਮੇਂ ਵਿੱਚ ਮਾਂ ਬੋਲੀ ਦੇ ਮਹੱਤਵ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਉਹਨਾਂ ਨੇ ਕਿਹਾ ਕਿ ਭਾਵੇਂ ਅੱਜ ਦੇ ਸਮੇਂ ਵਿੱਚ ਸਾਨੂੰ ਵੱਖ-ਵੱਖ ਭਾਸ਼ਾਵਾਂ ਸਿੱਖਣ ਦੀ ਲੋੜ ਪੈ ਰਹੀ ਹੈ ਪਰ ਮਾਂ ਬੋਲੀ ਦਾ ਆਪਣਾ ਹੀ ਮਹੱਤਵ ਹੈ, ਕਿਉਂਕਿ ਮਾਂ ਬੋਲੀ ਦੇ ਵਿੱਚ ਹੀ ਅਸੀਂ ਆਪਣੇ ਵਿਚਾਰਾਂ ਨੂੰ ਚੰਗੀ ਤਰ੍ਹਾਂ ਪ੍ਰਗਟ ਕਰ ਸਕਦੇ ਹਾਂ ਇਹ ਬੋਲੀ ਸਾਡੀ ਰੂਹ ਦੀ ਬੋਲੀ ਹੈ। ਇਸ ਖੁਸ਼ੀ ਭਰੇ ਮੌਕੇ ਤੇ ਪ੍ਰਿੰਸੀਪਲ ਸ੍ਰੀਮਤੀ ਸੀਮਾ ਗੁਪਤਾ ਜੀ ਨੇ ਵੀ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਦਿਵਸ ਦੀ ਵਧਾਈ ਦਿੱਤੀ ਤੇ ਪੰਜਾਬੀ ਬੋਲੀ ਨੂੰ ਬਣਦਾ ਮਾਣ-ਸਨਮਾਨ ਦੇਣ ਲਈ ਪ੍ਰੇਰਿਤ ਕੀਤਾ।