ਮਾਂ ਬੋਲੀ ਪੰਜਾਬੀਏ,
ਸੰਘਣੀ ਛਾਂ ਵਰਗੀ ਪੰਜਾਬੀਏ।
ਤੈਨੂੰ ਗੁਰੂਆਂ ਦੀ ਅਸੀਸ ਨੀ,
ਤੇਰੀ ਕੌਣ ਕਰੇਗਾ ਰੀਸ ਨੀ।
ਭਾਰਤੀਯ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਊਧਮ ਸਿੰਘ ਨਗਰ ਲੁਧਿਆਣਾ ਵਿਖੇ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲਿਆ। ਜਿਨ੍ਹਾਂ ਵਿੱਚ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਪੰਜਾਬੀ ਮਾਂ ਬੋਲੀ ਤੇ ਕਵਿਤਾਵਾਂ ਬੋਲੀਆਂ ਗਈਆਂ ਤੇ ਪੰਜਾਬੀ ਮਾਂ ਬੋਲੀ ਤੇ ਚਾਰਟ ਬਣਾ ਕੇ ਮਾਂ ਬੋਲੀ ਪ੍ਰਤੀ ਆਪਣਾ ਸਤਿਕਾਰ ਪ੍ਰਗਟ ਕੀਤਾ। ਚੌਥੀ ਜਮਾਤ ਦੇ ਵਿਦਿਆਰਥੀਆਂ ਨੇ ਪੰਜਾਬੀ ਮਾਤ ਭਾਸ਼ਾ ਸੰਬੰਧੀ ਸਲੋਗਨ ਉਚਾਰਨ ਦੀ ਗਤੀਵਿਧੀ ਰਾਹੀਂ ਮਾਤ ਭਾਸ਼ਾ ਪ੍ਰਤੀ ਸਨਮਾਨ ਪ੍ਰਗਟ ਕੀਤਾ। ਇਸ ਮੌਕੇ ਤੇ ਟੀ.ਜੀ.ਟੀ ਪੰਜਾਬੀ ਅਧਿਆਪਕਾ ਸ੍ਰੀਮਤੀ ਆਰਤੀ ਜੀ ਨੇ ਪੰਜਾਬੀ ਮਾਂ ਬੋਲੀ ਦਿਵਸ ਦੀ ਮਹੱਤਤਾ ਤੇ ਬੋਲਦਿਆਂ ਹੋਇਆਂ ਅੱਜ ਦੇ ਸਮੇਂ ਵਿੱਚ ਮਾਂ ਬੋਲੀ ਦੇ ਮਹੱਤਵ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਉਹਨਾਂ ਨੇ ਕਿਹਾ ਕਿ ਭਾਵੇਂ ਅੱਜ ਦੇ ਸਮੇਂ ਵਿੱਚ ਸਾਨੂੰ ਵੱਖ-ਵੱਖ ਭਾਸ਼ਾਵਾਂ ਸਿੱਖਣ ਦੀ ਲੋੜ ਪੈ ਰਹੀ ਹੈ ਪਰ ਜੋ ਭਾਵ ਅਸੀਂ ਆਪਣੀ ਮਾਂ ਬੋਲੀ ਵਿੱਚ ਪ੍ਰਗਟ ਕਰ ਸਕਦੇ ਹਾਂ ਉਹ ਹੋਰ ਕਿਸੇ ਭਾਸ਼ਾ ਵਿੱਚ ਨਹੀਂ ਕਰ ਸਕਦੇ ਕਿਉਂਕਿ ਮਾਂ-ਬੋਲੀ ਸਾਡੀ ਰੂਹ ਦੀ ਬੋਲੀ ਹੁੰਦੀ ਹੈ। ਇਸ ਖੁਸ਼ੀ ਭਰੇ ਮੌਕੇ ਤੇ ਪ੍ਰਿੰਸੀਪਲ ਸ੍ਰੀਮਤੀ ਸੀਮਾ ਗੁਪਤਾ ਜੀ ਨੇ ਵੀ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਦਿਵਸ ਦੀ ਵਧਾਈ ਦਿੱਤੀ ਤੇ ਆਪਣੀ ਮਾਂ ਬੋਲੀ ਨੂੰ ਮਾਣ ਦੇਣ ਲਈ ਪ੍ਰੇਰਿਤ ਕੀਤਾ।